ਮਸਤੂਆਣਾ ਸਾਹਿਬ-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਮਸਤੂਆਣਾ ਸਾਹਿਬ ਵਿਖੇ ਹੋਈ। ਇਸ ਮੀਟਿੰਗ ਵਿੱਚ 22 ਅਤੇ 23 ਫਰਵਰੀ 2025 ਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਫਿਜ਼ੀਕਲ ਕਾਲਜ ਦੇ ਇਨਡੋਰ ਸਟੇਡੀਅਮ ਵਿਖੇ ਹੋ ਰਹੇ ਜਥੇਬੰਦਕ ਇਜਲਾਸ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਮੀਟਿੰਗ ਵਿੱਚ ਸੂਬਾ ਕਮੇਟੀ ਤੋਂ ਇਲਾਵਾ ਪੰਜਾਬ ਦੇ 14 ਜ਼ਿਲਿਆਂ ਤੋਂ ਪ੍ਰਧਾਨ ਅਤੇ ਸਕੱਤਰ ਸ਼ਾਮਿਲ ਹੋਏ।
ਇਸ ਦੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ 22 ਫਰਵਰੀ ਨੂੰ ਸਵੇਰੇ 11 ਵਜੇ ਇਜਲਾਸ ਦਾ ਪਹਿਲਾ ਸੈਸ਼ਨ ਸ਼ੁਰੂ ਹੋਵੇਗਾ ਜਿਸ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਜਥੇਬੰਦੀ ਦਾ ਝੰਡਾ ਝੁਲਾਇਆ ਜਾਵੇਗਾ। ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਅਤੇ ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਭਰਾਤਰੀ ਸੰਦੇਸ਼ ਦੇਣਗੇ। ਇਸ ਸੈਸ਼ਨ ਵਿੱਚ ਲੱਗਭੱਗ 200 ਡੈਲੀਗੇਟਾਂ ਤੋਂ ਇਲਾਵਾ ਔਰਤਾਂ ਸਮੇਤ ਜਥੇਬੰਦੀ ਦੇ ਹਜ਼ਾਰਾਂ ਮੈਂਬਰ ਵੀ ਦਰਸ਼ਕਾਂ ਵਜੋਂ ਸ਼ਾਮਿਲ ਹੋਣਗੇ। ਇਜਲਾਸ ਵਿੱਚ ਸ਼ਾਮਿਲ ਹੋਣ ਲਈ ਜ਼ਿਲਾ ਕਮੇਟੀਆਂ ਵੱਲੋਂ ਮੈਂਬਰਸ਼ਿਪ ਦੇ ਅਧਾਰ ਤੇ ਆਪੋ ਆਪਣੇ ਜ਼ਿਲੇ ਦੇ ਡੈਲੀਗੇਟਾਂ ਦੀ ਚੋਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।
ਦੂਜੇ ਸੈਸ਼ਨ ਵਿੱਚ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕਰ ਕੇ ਰਿਪੋਰਟ ਤੇ ਮੁੱਢਲੀ ਵਿਚਾਰ ਚਰਚਾ ਕੀਤੀ ਜਾਵੇਗੀ। ਤੀਜੇ ਸੈਸ਼ਨ ਵਿੱਚ ਡੈਲੀਗੇਟ ਇਸ ਰਿਪੋਰਟ ਤੇ ਵਿਚਾਰ ਚਰਚਾ ਕਰਨਗੇ ਅਤੇ ਆਪਣੇ ਸਵਾਲ ਰੱਖਣਗੇ। ਇਹ ਸੈਸ਼ਨ 22 ਫਰਵਰੀ ਨੂੰ ਦੇਰ ਰਾਤ ਤੱਕ ਜਾਰੀ ਰਹੇਗਾ।
ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀ ਜੂਨ ਸੰਵਾਰਨ ਲਈ ਲੜੇ ਜਾਣ ਵਾਲੇ ਸੰਘਰਸ਼ਾਂ ਨੂੰ ਸਹੀ ਦਿਸ਼ਾ ਦੇਣ ਲਈ ਵਿਚਾਰਧਾਰਕ ਪਕਿਆਈ ਬਹੁਤ ਜ਼ਰੂਰੀ ਹੈ। ਇਸ ਲਈ ਪਿਛਲੇ ਸਮੇਂ ਦੇ ਸੰਘਰਸ਼ਾਂ ਤੋਂ ਸਬਕ ਸਿੱਖ ਕੇ ਹਾਂ ਪੱਖਾਂ ਨੂੰ ਮਜ਼ਬੂਤ ਕਰਨਾ ਅਤੇ ਰਹੀਆਂ ਘਾਟਾਂ ਨੂੰ ਦੂਰ ਕਰਨ ਦੀ ਬਹੁਤ ਵੱਡੀ ਮਹੱਤਤਾ ਹੈ। ਜਥੇਬੰਦਕ ਇਜਲਾਸ ਆਗੂਆਂ ਦਾ ਚੇਤਨਾ ਪੱਧਰ ਮਜ਼ਬੂਤ ਕਰਨ ਲਈ ਇੱਕ ਮੀਲ ਪੱਥਰ ਹੋਵੇਗਾ।
ਸੂਬਾ ਕਮੇਟੀ ਨੇ ਜਥੇਬੰਦੀ ਦੇ ਸਾਰੇ ਮੈਂਬਰਾਂ, ਖਾਸ ਤੌਰ ਤੇ ਔਰਤਾਂ ਨੂੰ ਬੇਨਤੀ ਕੀਤੀ ਕਿ ਉਹ ਇਜਲਾਸ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ। ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 5 ਮਾਰਚ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲੇ ਮੋਰਚੇ ਵਿੱਚ ਉਹਨਾਂ ਦੀ ਜਥੇਬੰਦੀ ਵੱਧ ਚੜ ਕੇ ਸ਼ਮੂਲੀਅਤ ਕਰੇਗੀ।
ਮੀਟਿੰਗ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ, ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਲੁਧਿਆਣਾ, ਮਲੇਰਕੋਟਲਾ, ਜਲੰਧਰ ਅਤੇ ਮੋਹਾਲੀ ਤੋਂ ਜਥੇਬੰਦੀ ਦੇ ਆਗੂ ਹਾਜ਼ਰ ਸਨ